Smiling young woman taking medication at home
ਅਕਸਰ ਲੋਕ ਸੁਵਿਧਾ ਜਾਂ ਡੋਜ਼ ਘਟਾਉਣ ਲਈ ਦਵਾਈ ਨੂੰ ਤੋੜ ਕੇ ਖਾ ਲੈਂਦੇ ਹਨ। ਪਰ ਕੀ ਇਹ ਤਰੀਕਾ ਸੁਰੱਖਿਅਤ ਹੈ? ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਦਵਾਈ ਨੂੰ ਤੋੜ ਕੇ ਨਹੀਂ ਖਾਧਾ ਜਾ ਸਕਦਾ। ਗਲਤ ਤਰੀਕੇ ਨਾਲ ਖਾਧੀ ਦਵਾਈ ਸਰੀਰ ‘ਤੇ ਗਲਤ ਅਸਰ ਕਰ ਸਕਦੀ ਹੈ।
ਕਿਹੜੀਆਂ ਦਵਾਈਆਂ ਨਹੀਂ ਤੋੜਣੀਆਂ ਚਾਹੀਦੀਆਂ?
ਕੁਝ ਟੈਬਲਟਸ ਖਾਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਹਨ, ਤਾਂ ਜੋ ਉਹ ਲੰਬੇ ਸਮੇਂ ਤੱਕ ਅਸਰ ਦਿਖਾਉਣ। ਅਜਿਹੀਆਂ ਦਵਾਈਆਂ ‘ਤੇ SR (Sustained Release), CR (Controlled Release) ਜਾਂ XR (Extended Release) ਲਿਖਿਆ ਹੁੰਦਾ ਹੈ।
ਇਨ੍ਹਾਂ ਨੂੰ ਨਾ ਤਾਂ ਤੋੜਨਾ ਚਾਹੀਦਾ ਹੈ, ਨਾ ਹੀ ਚਬਾ ਕੇ ਖਾਣਾ ਚਾਹੀਦਾ। ਜੇ ਇਨ੍ਹਾਂ ਦਵਾਈਆਂ ਨੂੰ ਤੋੜ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਅਸਰ ਤੁਰੰਤ ਖ਼ਤਮ ਹੋ ਸਕਦਾ ਹੈ ਅਤੇ ਓਵਰਡੋਜ਼ ਜਾਂ ਸਾਈਡ ਇਫੈਕਟ ਦਾ ਖ਼ਤਰਾ ਵਧ ਸਕਦਾ ਹੈ।
ਇਸੇ ਤਰ੍ਹਾਂ ਕੈਪਸੂਲ ਨੂੰ ਵੀ ਤੋੜ ਕੇ ਨਹੀਂ ਖਾਣਾ ਚਾਹੀਦਾ, ਕਿਉਂਕਿ ਇਸ ਦਾ ਪਾਊਡਰ ਅਤੇ ਡੋਜ਼ ਅਸੰਤੁਲਿਤ ਹੋ ਸਕਦਾ ਹੈ।
ਕਿਹੜੀਆਂ ਦਵਾਈਆਂ ਤੋੜ ਕੇ ਖਾ ਸਕਦੇ ਹਾਂ?
ਸਾਰੀਆਂ ਦਵਾਈਆਂ ਤੋੜਣਾ ਗਲਤ ਨਹੀਂ ਹੁੰਦਾ। ਕੁਝ ਟੈਬਲਟਸ ‘ਤੇ ਵਿਚਕਾਰ ਇਕ ਲਾਈਨ (Scoring line) ਬਣੀ ਹੁੰਦੀ ਹੈ। ਇਹ ਸੰਕੇਤ ਹੁੰਦਾ ਹੈ ਕਿ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਅੱਧਾ ਕੀਤਾ ਜਾ ਸਕਦਾ ਹੈ।
ਉਦਾਹਰਣ ਵਜੋਂ, ਜੇ ਤੁਹਾਨੂੰ 500 ਮਿਲੀਗ੍ਰਾਮ ਦੀ ਲੋੜ ਹੈ ਪਰ ਬਾਜ਼ਾਰ ‘ਚ 1000 ਮਿਲੀਗ੍ਰਾਮ ਦੀ ਟੈਬਲਟ ਮਿਲਦੀ ਹੈ ਅਤੇ ਉਸ ‘ਤੇ ਲਕੀਰ ਬਣੀ ਹੈ, ਤਾਂ ਤੁਸੀਂ ਉਸ ਨੂੰ ਅੱਧਾ ਕਰ ਸਕਦੇ ਹੋ। ਇਨ੍ਹਾਂ ਨੂੰ ‘ਸਕੋਰ ਟੈਬਲਟ’ ਕਿਹਾ ਜਾਂਦਾ ਹੈ।
ਡਾਕਟਰ ਦੀ ਸਲਾਹ ਕਿਉਂ ਜ਼ਰੂਰੀ ਹੈ?
ਹਰ ਦਵਾਈ ਦੀ ਬਣਤਰ ਵੱਖਰੀ ਹੁੰਦੀ ਹੈ ਅਤੇ ਉਸ ਦਾ ਅਸਰ ਵੀ ਸਰੀਰ ‘ਚ ਵੱਖਰਾ ਹੋ ਸਕਦਾ ਹੈ। ਇਸ ਲਈ ਕਿਸੇ ਵੀ ਦਵਾਈ ਨੂੰ ਤੋੜਣ ਜਾਂ ਅੱਧੀ ਕਰਨ ਤੋਂ ਪਹਿਲਾਂ ਡਾਕਟਰ ਜਾਂ ਫਾਰਮਾਸਿਸਟ ਦੀ ਸਲਾਹ ਲੈਣਾ ਬਹੁਤ ਜਰੂਰੀ ਹੈ।
ਯਾਦ ਰੱਖੋ– ਜੇ ਦਵਾਈ ‘ਤੇ SR, CR ਜਾਂ XR ਲਿਖਿਆ ਹੋਵੇ ਤਾਂ ਉਸ ਨੂੰ ਸਿੱਧਾ ਨਿਗਲਣਾ ਚਾਹੀਦਾ ਹੈ। ਕੇਵਲ ਸਕੋਰ ਟੈਬਲਟਸ ਨੂੰ ਹੀ ਜ਼ਰੂਰਤ ਅਨੁਸਾਰ ਤੋੜਿਆ ਜਾ ਸਕਦਾ ਹੈ।
ਬਿਨਾਂ ਡਾਕਟਰੀ ਸਲਾਹ ਦਵਾਈ ਤੋੜ ਕੇ ਖਾਣਾ ਤੁਹਾਡੀ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਹੈ।
